ਪੰਜਾਬ
ਬਠਿੰਡਾ ਤੋਂ ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਲਈ ਕੁਨੈਕਟਿਡ ਉਡਾਣ

ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਲਈ ਹੁਣ ਬਠਿੰਡਾ ਤੋਂ ਵਾਇਆ ਦਿੱਲੀ ਉਡਾਣ ਸ਼ੁਰੂ ਹੋਵੇਗੀ। ਏਅਰ ਇੰਡੀਆ ਵੱਲੋਂ 19 ਨਵੰਬਰ ਤੋਂ ਦਿੱਲੀ-ਨਾਂਦੇੜ ਸਾਹਿਬ ਲਈ ਹਵਾਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ ਜੋ ਕੁਨੈਕਟਿਡ ਫਲਾਈਟ ਵਜੋਂ ਬਠਿੰਡਾ ਹਵਾਈ ਅੱਡੇ ਨਾਲ ਜੁੜੇਗੀ। ਬਠਿੰਡਾ-ਦਿੱਲੀ ਹਵਾਈ ਉਡਾਣ ਅਤੇ ਦਿੱਲੀ ਨਾਂਦੇੜ ਉਡਾਣ ਦਾ ਸਮਾਂ ਆਪਸ ਵਿਚ ਮੇਲ ਖਾ ਰਿਹਾ ਹੈ। ਕੁਨੈਕਟਿਡ ਫਲਾਈਟ ਰਾਹੀਂ ਸ਼ਰਧਾਲੂ ਹੁਣ ਬਠਿੰਡਾ ਤੋਂ ਨਾਂਦੇੜ ਸਾਹਿਬ ਜਾ ਸਕਣਗੇ। ਫ਼ਿਲਹਾਲ ਇਹ ਕੁਨੈਕਟਿਡ ਫਲਾਈਟ ਇੱਕਤਰਫਾ ਹੀ ਹੋਵੇਗੀ ਅਤੇ ਵਾਪਸੀ ਲਈ ਇਹ ਸੁਵਿਧਾ ਅਜੇ ਦੂਰ ਜਾਪਦੀ ਹੈ। ਏਅਰ ਇੰਡੀਆ ਵੱਲੋਂ ਚੰਡੀਗੜ੍ਹ ਤੋਂ ਨਾਂਦੇੜ ਲਈ ਵਾਇਆ ਦਿੱਲੀ ਵੀ ਕੁਨੈਕਟਿਡ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ।ਬਠਿੰਡਾ ਤੋਂ ਦਿੱਲੀ ਲਈ ਜੋ ਹਫ਼ਤੇ ਵਿਚ ਤਿੰਨ ਦਿਨ ਉਡਾਣ ਹੁੰਦੀ ਸੀ, ਉਹ 16 ਜੁਲਾਈ ਤੋਂ ਵਧਾ ਕੇ ਹਫ਼ਤੇ ਵਿਚ ਚਾਰ ਦਿਨ ਕਰ ਦਿੱਤੀ ਗਈ ਹੈ। ਪਹਿਲਾਂ ਹਫ਼ਤੇ ’ਚ ਤਿੰਨ ਦਿਨ ਬਠਿੰਡਾ-ਦਿੱਲੀ ਉਡਾਣ ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਨੂੰ ਹੁੰਦੀ ਸੀ ਅਤੇ ਹੁਣ ਸੋਮਵਾਰ ਵਾਲੇ ਦਿਨ ਵੀ ਉਡਾਣ ਕਰ ਦਿੱਤੀ ਗਈ ਹੈ। ਬਠਿੰਡਾ ਤੋਂ ਜਹਾਜ਼ 11:10 ਵਜੇ ਦਿੱਲੀ ਲਈ ਉਡਾਣ ਭਰਦਾ ਹੈ ਜੋ12:10 ਉੱਤੇ ਦਿੱਲੀ ਪੁੱਜ ਜਾਂਦਾ ਹੈ। ਅੱਗਿਓਂ ਦਿੱਲੀ ਤੋਂ ਨਾਂਦੇੜ ਲਈ ਉਡਾਣ ਦਾ ਸਮਾਂ 3:20 ਵਜੇ ਦਾ ਹੈ। ਬਠਿੰਡਾ ਖ਼ਿੱਤੇ ਦੇ ਲੋਕਾਂ ਨੂੰ ਇਸ ਦਾ ਵੱਡਾ ਲਾਹਾ ਮਿਲੇਗਾ। ਬਠਿੰਡਾ ਹਵਾਈ ਅੱਡੇ ਦੇ ਟਰਮੀਨਲ ਮੈਨੇਜਰ ਸਚਿਨ ਕੁਮਾਰ ਦਾ ਕਹਿਣਾ ਸੀ ਕਿ ਹੁਣ ਬਠਿੰਡਾ ਤੋਂ ਹਵਾਈ ਰਸਤੇ ਯਾਤਰੀ ਕੁਨੈਕਟਿਡ ਉਡਾਣ ਜ਼ਰੀਏ ਵਾਇਆ ਦਿੱਲੀ- ਨਾਂਦੇੜ ਜਾਣ ਲਈ ਇੱਕ ਟਿਕਟ ਦੀ ਸਹੂਲਤ ਵੀ ਹੋਵੇਗੀ।

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ 50 ਸਿੱਖ ਸ਼ਖਸ਼ੀਅਤਾਂ ਦੀ ਕਿਤਾਬ ਰਿਲੀਜ਼ ਕੀਤੀ

ਸੁਲਤਾਨਪੁਰ ਲੋਧੀ,
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ 'ਪ੍ਰੋਮੀਨੈਂਟ ਸਿੱਖ ਆਫ਼ ਇੰਡੀਆ' ਰਿਲੀਜ਼ ਕੀਤੀ ਗਈ। ਇਹ ਕਿਤਾਬ ਡਾ: ਪ੍ਰਭਲੀਨ ਸਿੰਘ  ਨੇ ਲਿਖੀ ਹੈ ਜਿਸ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪ੍ਰਕਾਸ਼ਿਤ ਕੀਤਾ ਹੈ। ਅੰਗਰੇਜ਼ੀ ਵਿੱਚ ਲਿਖੀ ਇਹ ਕਿਤਾਬ ਨੂੰ ਰਿਲੀਜ਼ ਕਰਨ ਲਈ ਉਪ ਰਾਸ਼ਟਰਪਤੀ ਹਾਊਸ ਦੇ ਸਰਦਾਰ ਵੱਲਭਭਾਈ ਪਟੇਲ ਕਾਨਫਰੰਸ ਹਾਲ 'ਚ ਸਮਾਗਮ ਰੱਖਿਆ ਗਿਆ ਸੀ।
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਇਸ ਕਿਤਾਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ 2019 ਵਿੱਚ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਇਹ ਕਿਤਾਬ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਹੋਵੇਗੀ।ਸਿੱਖ ਭਾਈਚਾਰੇ ਨੇ ਹਮੇਸ਼ਾ ਹੀ ਦੇਸ਼ ਦੀ ਅਜ਼ਾਦੀ ਅਤੇ ਵਿਕਾਸ ਕਾਰਜ਼ਾਂ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਰੀਬਾਂ ਤੇ ਨਿਤਾਣਿਆਂ ਦੀ ਭਲਾਈ ਦਾ ਹੋਕਾ ਦਿੱਤਾ।ਸਿੱਖ ਧਰਮ ਦਾ ਸਿਧਾਂਤ ਕਿਰਤ ਕਰਨੀ, ਨਾਮ ਜੱਪਣਾ ਤੇ ਵੰਡਣ ਛੱਕਣਾ ਹੈ।ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਆਪਣੀ ਮਾਤ ਭਾਸ਼ਾ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।ਦੇਸ਼ ਦੀਆਂ ਨਾਮਵਰ ਸ਼ਖਸ਼ੀਅਤਾਂ ਦਾ ਜ਼ਿਕਰ ਕਰਦਿਆ ਉਨ੍ਹਾ ਕਿਹਾ ਕਿ ਮਾਤ ਭਾਸ਼ਾ ਵਿੱਚ ਹੀ ਵਿਦਿਆ ਹਾਸਲ ਕਰਕੇ ਉਚ ਅਹੁਦੇ ਪ੍ਰਾਪਤ ਕੀਤੇ ਸਨ ਜਿੰਨ੍ਹਾਂ ਵਿੱਚ ਏ.ਪੀ.ਜੇ ਅਬਦੁਲ ਕਲਾਮ ਸਮੇਤ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਸ਼ਾਮਿਲ ਹਨ।
ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸ਼ੀਅਤਾਂ ਦੇ ਕਾਰਜਾਂ ਬਾਰੇ ਉਚੇਚੇ ਤੌਰ 'ਤੇ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿੱਚ ਪੰਜਾਬ ਦੀਆਂ ਦੋ ਧਾਰਮਿਕ ਸ਼ਖਸ਼ੀਅਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੰਤ ਸੇਵਾ ਸਿੰਘ ਬਾਰੇ ਖੂਬਸੂਰਤ ਢੰਗ ਨਾਲ ਲਿਖਿਆ ਹੈ ਜਿੰਨ੍ਹਾਂ ਵੱਲੋਂ ਵਾਤਾਵਰਣ ਪੱਖ ਤੋਂ ਪ੍ਰੇਰਨਾਦਾਇਕ ਕਾਰਜ ਕੀਤੇ ਹਨ। ਉਨ੍ਹਾਂ ਦਸਿਆ ਕਿ ਸੰਤ ਸੀਚੇਵਾਲ ਨੇ ਪ੍ਰਦੂਸ਼ਿਤ 
ਹੋ ਚੁੱਕੀ 160 ਕਿਲੋਮੀਟਰ ਲੰਬੀ ਨਦੀਂ ਨੂੰ ਸਾਫ਼ ਕੀਤਾ ਹੈ ਤੇ ਇਹ ਨਦੀ ਬਾਬੇ ਨਾਨਕ ਦੇ ਇਤਿਹਾਸ ਨਾਲ ਜੁੜੀ ਹੋਈ ਹੈ।ਸੰਤ ਸੇਵਾ ਸਿੰਘ ਨੇ ਵੱਡੀ ਪੱਧਰ 'ਤੇ ਰੁੱਖ ਲਾ ਕੇ ਵਾਤਾਵਰਣ ਨੂੰ ਸੁਧਾਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਨੇ ਵੀ ਆਪਣੇ ਸੰਬੋਧਨ ਵਿੱਚ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇਸ ਮੌਕੇ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ  ਸਿੰਘ ਜੀ.ਕੇ, ਰਣਧੀਰ ਸਿੰਘ, ਐਸ.ਪੀ ਸਿੰਘ ਉਬਰਾਏ, ਸੁਰਜੀਤ ਸਿੰਘ ਸ਼ੰਟੀ, ਅਮਰੀਕ ਸਿੰਘ ਸੰਧੂ ਸਮੇਤ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਾਜ਼ਰ ਸਨ।

ਡੀਜੀਟਲ ਤਰੀਕੇ ਨਾਲ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਜਾਗਰੂਕ ਕਰੇਗੀ ਸਰਕਾਰ

ਪਰਾਲੀ ਦੇ ਨਿਪਟਾਰੇ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਸਲਾਂ ਦੀ ਰਹਿੰਦ-ਖਹੁੰਦ ਨੂੰ ਸਾੜੇ ਜਾਣ ਤੋਂ ਰੋਕਣ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਤਿੰਨ ਮੋਬਾਈਲ ਐਪ ਜਾਰੀ ਕੀਤੇ ਹਨ। ਵੱਖ ਵੱਖ ਸਬੰਧਤ ਏਜੰਸੀਆਂ ਅਤੇ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਏ ਜਾਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਸਾਰੇ ਪੱਧਰਾਂ 'ਤੇ ਸਥਿਤੀ 'ਤੇ ਸਖਤ ਨਿਗਰਾਨੀ ਰੱਖਣ ਦਾ ਸੱਦਾ ਦਿੱਤਾ ਹੈ, ਪਰਾਲੀ ਸਾੜਨ ਵਿਰੁੱਧ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਪ੍ਰੇਰਿਤ ਕਰਨ ਦੀ ਵੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ।
ਪਰਾਲੀ ਸਾੜਨ ਨਾਲ ਮਨੁੱਖੀ ਸਿਹਤ, ਵਾਤਾਵਰਣ ਅਤੇ ਭੌਂ ਨੂੰ ਹੋਣ ਵਾਲੇ ਨੁਕਸਾਨ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੱਮਸਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਵਿੱਚ ਤੇਜ਼ੀ ਲਿਆਉਣ ਵਾਸਤੇ ਖੇਤੀਬਾੜੀ ਵਿਭਾਗ ਨੂੰ ਸਾਇੰਸ, ਤਕਨੌਲੋਜੀ ਅਤੇ ਵਾਤਾਵਰਣ ਵਿਭਾਗ ਨਾਲ ਮਿਲ ਕੇ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਸਬਸਿਡੀ ਦੇ ਰਾਹੀਂ ਸਹਿਕਾਰੀ ਸੋਸਾਇਟੀਆਂ ਅਤੇ ਕਸਟਮ ਹਾਇਰ ਸੈਂਟਰਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਖੇਤੀਬਾੜੀ ਦੇ ਸਾਜੋ-ਸਮਾਨ ਅਤੇ ਮਸ਼ੀਨਰੀ ਦੀ ਵਧ ਤੋ ਵਧ ਵਰਤੋਂ ਕੀਤੇ ਜਾਣ ਵਾਸਤੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ ਤਾਂ ਜੋ ਪਰਾਲੀ ਦਾ ਵਧੀਆ ਤਰੀਕੇ ਨਾਲ ਪ੍ਰਬੰਧਨ ਹੋ ਸਕੇ ਕਿਉਂਕਿ ਫਸਲਾਂ ਦੀ ਰਹਿੰਦ-ਖੁਹੰਦ ਦੇ ਨਿਪਟਾਰੇ ਲਈ ਇਹੋ ਹੀ ਇਕ ਵਿਗਿਆਨਕ ਹੱਲ ਹੈ।

ਮਾਝੇ ਦੇ ਅਕਾਲੀ ਆਗੂ ਰਹੇ ਰੈਲੀ ਤੋਂ ਦੂਰ

ਮਾਝੇ ਦੇ ਸੀਨੀਅਰ ਅਕਾਲੀ ਆਗੂ ਪਟਿਆਲਾ ਰੈਲੀ ਤੋਂ ਦੂਰ ਰਹੇ । ਨਾਰਾਜ਼ ਅਕਾਲੀ ਆਗੂਆਂ ਵਿਚ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸੰਸਦ ਮੈਂਬਰ ਡਾ। ਰਤਨ ਸਿੰਘ ਅਜਨਾਲਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਅਮਰਪਾਲ ਸਿੰਘ ਬੋਨੀ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਆਦਿ ਸ਼ਾਮਲ ਹਨ। ਸੇਖਵਾਂ ਨੇ ਆਖਿਆ ਕਿ ਉਨ੍ਹਾਂ ਰੈਲੀ ਦਾ ਬਾਈਕਾਟ ਨਹੀਂ ਕੀਤਾ ਸਗੋਂ ਆਪਣੀ ਨਾਰਾਜ਼ਗੀ ਕਾਰਨ ਰੈਲੀ ਵਿਚ ਨਹੀਂ ਗਏ ਹਨ। ਸੇਖਵਾਂ ਨੇ ਆਖਿਆ ਕਿ ਮੁੜ ਜਲਦੀ ਹੀ ਇਕ ਮੀਟਿੰਗ ਸੱਦੀ ਜਾਵੇਗੀ ਤਾਂ ਜੋ ਪਹਿਲੀ ਮੀਟਿੰਗ ਮਗਰੋਂ ਪੈਦਾ ਹੋਈ ਮੌਜੂਦਾ ਸਥਿਤੀ ਬਾਰੇ ਵਿਚਾਰ ਚਰਚਾ ਕੀਤੀ ਜਾ ਸਕੇ। ਰਤਨ ਸਿੰਘ ਅਜਨਾਲਾ ਆਖਿਆ ਕਿ ਉਹ ਰੀੜ੍ਹ ਦੀ ਹੱਡੀ ਵਿੱਚ ਤਕਲੀਫ਼ ਤੋਂ ਪੀੜਤ ਹਨ ਅਤੇ ਡਾਕਟਰਾਂ ਵਲੋਂ ਆਵਾਜਾਈ ਲਈ ਮਨ੍ਹਾਂ ਕੀਤਾ ਹੋਇਆ ਹੈ।

ਕੈਪਟਨ ਸਰਕਾਰ ਦਾ ਪੰਜਾਬ ਦੇ ਅਧਿਆਪਕਾਂ ਨੂੰ ਤੋਹਫਾ : 8 ਹਜਾਰ ਤੋਂ ਵੱਧ ਨੂੰ ਕੀਤਾ ਪੱਕਾ

ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾ ਰਹੇ ਸਰਵ ਸਿੱਖਿਆ ਅਭਿਆਨ, ਰਾਸ਼ਟ੍ਰੀਆ ਮਾਧਿਆਮਿਕ ਸ਼ਿਕਸ਼ਾ ਅਭਿਆਨ ਸਮੇਤ ਆਦਰਸ਼ ਤੇ ਮਾਡਲ ਸਕੂਲਾਂ ਦੇ ਕੁੱਲ 8,886 ਅਧਿਆਪਕਾਂ ਨੂੰ ਕੈਪਟਨ ਸਰਕਾਰ ਪੱਕਾ ਕਰਨ ਜਾ ਰਹੀ ਹੈ। ਇਸ ਸਬੰਧੀ ਬੀਤੀ 30 ਅਗਸਤ ਨੂੰ ਹੋਈ ਕੈਬਨਿਟ ਬੈਠਕ ਵਿੱਚ ਵਿਚਾਰ ਕੀਤੀ ਗਈ ਸੀ, ਪਰ ਉਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਚੋਣ ਜ਼ਾਬਤੇ ਕਰਕੇ ਸਰਕਾਰ ਨੇ ਇਸ ਨੂੰ ਟਾਲ਼ ਦਿੱਤਾ ਸੀ।

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅਕਾਲੀਆ ਤੇ ਕਾਂਗਰਸੀਆਂ ਦਰਮਿਆਨ ਹੋਈ ਝੜਪ ਤੋਂ ਮਗਰੋਂ ਜੇਲ੍ਹ ਭੇਜੇ ਡਿੰਪੀ ਢਿੱਲੋਂ ਜਮਾਨਤ ਤੇ ਰਿਹਾਅ

ਸ੍ਰੀ ਮੁਕਤਸਰ ਸਾਹਿਤ ਤੋਂ ਅਕਾਲੀ ਦਲ (ਬਾਦਲ) ਦੇ ਆਗੂ ਤੇ ਬਾਦਲ ਪਰਿਵਾਰ ਦੇ ਕਰੀਬੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜੇਲ ਤੋਂ ਬਾਹਰ ਆਉਂਦੇ ਹੀ ਕਾਂਗਰਸ ਨੂੰ ਲਲਕਾਰਿਆ ਹੈ । ਅਕਾਲੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਿੰਪੀ ਢਿੱਲੋਂ ਨੇ ਕਿਹਾ ਕਿ ਹੁਣ ਉਹ ਜੇਲ ਤੋਂ ਨਹੀਂ ਡਰਦੇ। ਢਿੱਲੋਂ ਨੇ ਕਿਹਾ ਕਿ ਉਹ ਕਾਂਗਰਸ ਦੇ ਜ਼ੁਲਮਾਂ ਅੱਗੇ ਨਹੀਂ ਝੁਕਣਗੇ। ਉਨ੍ਹਾਂ ਕਿਹਾ ਕਿ ਜੇਲ ਵਿਚ ਕਾਂਗਰਸ ਦੀ ਸ਼ਹਿ 'ਤੇ ਉਨ੍ਹਾਂ ਨੂੰ ਵਰਕਰਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਪਰ ਬਾਵਜੂਦ ਇਸ ਦੇ ਉਨ੍ਹਾਂ ਦੇ ਹੌਂਸਲੇ ਘੱਟ ਨਹੀਂ ਹੋਣਗੇ।  
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਗਿਲਜੇਵਾਲਾ ਵਿਖੇ ਅਕਾਲੀ ਦਲ ਅਤੇ ਕਾਂਗਰਸੀਆਂ ਦਰਮਿਆਨ ਹੋਈ ਝੜਪ ਤੋਂ ਬਾਅਦ ਪੁਲਸ ਨੇ ਡਿੰਪੀ ਢਿੱਲੋਂ, ਉਨ੍ਹਾਂ ਦੇ ਭਰਾ ਸੰਨੀ ਢਿੱਲੋਂ ਅਤੇ ਪੀਏ ਜਗਤਾਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਉਕਤ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿਤਾ ਸੀ।
 

ਕਾਂਗਰਸ ਆਗੂ ਤੇ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਆਪਣੇ ਪਿੰਡ ਵਿੱਚੋਂ ਕਾਂਗਰਸ ਦਾ ਉਮੀਦਵਾਰ ਜਿਤਾਉਣ ‘ਚ ਰਹੇ ਅਸਫਲ

ਬਠਿੰਡਾ - ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਬਾਅਦ ਅੱਜ ਨੀਤਜੇ ਐਲਾਨੇ ਜਾ ਰਹੇ ਹਨ। ਨਤੀਜਿਆਂ ਵਿੱਚ ਜਿੱਥੇ ਕਾਂਗਰਸ ਜਿਆਦਾਤਰ ਸੀਟਾਂ ਜਿੱਤ ਰਹੀ ਹੈ ਉਥੇ ਜਿਲ੍ਹਾ ਬਠਿੰਡਾ ਦੇ ਪਿੰਡ ਤੇ ਬਲਾਕ ਸੰਮਤੀ ਜੋਨ ਪੂਹਲਾ ਜੋ ਕਿ ਕਾਂਗਰਸ ਆਗੂ ਤੇ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਿਕਰਮਜੀਤ ਸਿੰਘ ਬਿੱਕਾ ਦਾ ਆਪਣਾ ਜੱਦੀ ਪਿੰਡ ਹੈ ਵਿੱਚੋਂ ਅਕਾਲੀ ਦਲ ਬਾਜੀ ਮਾਰ ਗਿਆ ਹੈ । ਅਕਾਲੀ ਦਲ ਦੇ ਉਮੀਦਵਾਰ ਇੰਦਰਜੀਤ ਸਿੰਘ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਤਾਰ ਸਿੰਘ ਨੂੰ 621ਵੋਟਾਂ ਨਾਲ ਹਰਾਇਆ ਹੈ ਕਿਸੇ ਸਮੇਂ ਕੈਪਟਨ ਅਮਰਿੰਦਰ ਦੇ ਕਰੀਬੀ ਕਹੇ ਜਾਂਦੇ ਬਿੱਕਾ ਵੀ ਆਪਣੇ ਪਿੰਡ ਵਿੱਚੋਂ ਕਾਂਗਰਸ ਦਾ ਉਮੀਦਵਾਰ ਜਿਤਾਉਣ ‘ਚ ਨਾਕਾਮ ਰਹੇ ਹਨ।

ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਲਈ ਕਪੂਰਥਲੇ ਤੋਂ 27 ਕਿਲੋਮੀਟਰ ਲੰਬੇ ਬੇਬੇ ਨਾਨਕੀ ਮਾਰਗ ਦੀ ਸਫ਼ਾਈ ਅਤੇ ਸੁੰਦਰਤਾ ਦਾ ਕੰਮ ਸ਼ੁਰੂ

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਹੋਰ ਧਾਰਮਿਕ ਸ਼ਖਸ਼ੀਅਤਾਂ ਨੇ ਲਿਆ ਹਿੱਸਾ

ਸੁਲਤਾਨਪੁਰ ਲੋਧੀ- ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ 550 ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਨੂੰ ਜਾਂਦਾ 27 ਕਿਲੋਮੀਟਰ ਲੰਮੇ ਬੇਬੇ ਨਾਨਕੀ ਮਾਰਗ ਦੀ ਸਫ਼ਾਈ ਤੇ ਸੁੰਦਰਤਾ ਦੇ ਕੰਮ ਦੀ ਸ਼ੁਰੂਆਤ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਕੀਤੀ ਗਈ।
ਪੰਜਾਬ ਵਿੱਚ ਸ੍ਰੀ ਗੁਰੁ ਨਾਨਕ ਸਾਹਿਬ ਜੀ ਦੀ ਭੈਣ ਨਾਨਕੀ ਦੇ ਨਾਂਅ 'ਤੇ ਸਿਰਫ਼ ਇੱਕੋ ਹੀ ਮਾਰਗ ਹੈ ਜਿਹੜਾ ਕਿ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਤੱਕ ਜਾਂਦਾ ਹੈ ਜਿਸ ਦੀ ਲੰਬਾਈ ਕਰੀਬ 27 ਕਿਲੋਮੀਟਰ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਬੇਬੇ ਨਾਨਕੀ ਮਾਰਗ ਨੂੰ ਸੰਗਤਾਂ ਦੇ ਸਹਿਯੋਗ ਨਾਲ  ਸਵਾਰਿਆ 'ਤੇ ਸ਼ਿੰਗਾਰਿਆ ਜਾਵੇਗਾ ਜੋ ਆਪਣੇ ਆਪ ਵਿੱਚ ਇੱਕ ਮਿਸਾਲ ਹੋਵੇਗਾ। ਸੰਤ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਇਸ ਕਾਰ ਸੇਵਾ ਵਿੱਚ ਟਰੈਕਟਰ ਟਰਾਲੀਆਂ ਅਤੇ ਜੇ।ਸੀ।ਬੀ ਮਸ਼ੀਨ ਦੇ ਇਲਾਵਾ ਸੇਵਾਦਾਰਾਂ ਨੇ ਸੜਕ ਦੇ ਦੋਵੇਂ ਪਾਸਿਆਂ ਤੋਂ ਖਿਲਰਿਆ ਕੂੜੇ ਕਰਕਟ ਨੂੰ ਚੁਕਿਆ ਅਤੇ ਸੜਕਾਂ ਦੀਆਂ ਸਾਇਡਾਂ 'ਤੇ ਜੰਮੀ ਹੋਈ ਮਿੱਟੀ ਨੂੰ ਪੁਟ ਕੇ ਨੀਵਿਆਂ ਥਾਵਾਂ 'ਤੇ ਪਾਇਆ ਗਿਆ। ਜਿਹੜੇ ਦਰਖਤਾਂ ਦੀਆਂ ਟਹਾਣੀਆਂ ਆਉਂਦਿਆਂ ਜਾਂਦਿਆ ਲੋਕਾਂ ਦੇ ਸਿਰਾਂ ਤੇ ਮੂੰਹਾਂ 'ਤੇ ਵੱਜਦੀਆਂ ਸਨ ਉਨ੍ਹਾਂ ਦੀ ਕਟਾਈ ਕੀਤੀ ਗਈ। ਇਸ ਮੌਕੇ ਬੇਬੇ ਨਾਨਕੀ ਮਾਰਗ ਨੂੰ ਹਰਿਆ-ਭਰਿਆ ਬਣਾਉਂਣ ਲਈ ਨਵੇਂ ਫਲਦਾਰ ਤੇ ਛਾਂਅਦਾਰ ਬੂਟਿਆਂ ਸਮੇਤ ਮਹਿਕਣ ਵਾਲੇ ਬੂਟੇ ਵੀ ਲਾਏ ਗਏ।
ਸੰਤ ਸੀਚੇਵਾਲ ਨੇ ਦਸਿਆ ਕਿ ਬੇਬੇ ਨਾਨਕੀ ਮਾਰਗ 'ਤੇ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਸਫਾਈ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਬਾਬੇ ਨਾਨਕ ਦੇ ਅਸਲ ਫਲਸਫੇ ਦਾ ਪ੍ਰਚਾਰ ਸਹੀ ਢੰਗ ਨਾਲ ਨਹੀਂ ਕੀਤਾ ਗਿਆ। ਹਵਾ, ਪਾਣੀ ਤੇ ਧਰਤੀ ਨੂੰ ਪਲੀਤ ਕਰਕੇ ਸਰਬਤ ਦੇ ਭਲੇ ਦੇ ਸੰਕਲਪ ਨੂੰ ਕਦੇ ਵੀ ਪੂਰਿਆ ਨਹੀਂ ਕੀਤਾ ਜਾ ਸਕਦਾ। 

ਕੇਂਦਰੀ ਮੰਤਰੀ ਵੱਲੋਂ ਲਗਾ ਦਿੱਤਾ ਗਿਆ ਬਠਿੰਡਾ ਵਿਚਲੇ ਏਮਜ਼ ਦੀ ਉਸਾਰੀ ਲਈ ਟੱਕ

ਮਾਲਵੇ ਲਈ ਬਾਦਲਾਂ ਦਾ ਸੁਪਨਾਮਈ ਪ੍ਰੋਜੈਕਟ ਬਠਿੰਡਾ ਵਿਚਲਾ ਏਮਜ਼ ਹਸਪਤਾਲ ਦੀ ਉਸਾਰੀ ਲਈ ਕੇ਼ਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਟੱਕ ਲਗਾ ਦਿੱਤਾ ਹੈ। ਇਸ ਦੌਰਾਨ ਸੂਬਾ ਸਰਕਾਰ ਦੇ ਪ੍ਰਤੀਨਿਧ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਗ਼ੈਰ ਹਾਜ਼ਰ ਸਨ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਨਜ਼ੂਰੀਆਂ ਨਾ ਦੇਣ ਕਾਰਨ 'ਏਮਜ਼' ਦੀ ਉਸਾਰੀ ਲੇਟ ਹੋਈ ਹੈ।
925 ਕਰੋੜ ਰੁਪਏ ਨਾਲ 750 ਬੈੱਡ ਵਾਲੇ ਏਮਜ਼ ਹਸਪਤਾਲ ਦਾ ਨਿਰਮਾਣ ਹੋਵੇਗਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਨਵੰਬਰ 2016 ਨੂੰ ਇਸਦਾ ਨੀਂਹ ਪੱਥਰ ਰੱਖਿਆ ਅਤੇ 4 ਸਾਲ ਵਿਚ ਇਸ ਕੰਮ ਨੂੰ ਪੂਰਾ ਕਰਨ ਦਾ ਹੁਕਮ ਜਾਰੀ ਕੀਤਾ ਸੀ । ਪਿਛਲੇ ਢੇਡ ਸਾਲ 'ਚ ਏਮਜ਼ ਦੇ ਨਿਰਮਾਣ ਕੰਮ ਵਿਚ ਕੋਈ ਵਾਧਾ ਨਹੀਂ ਹੋਇਆ, ਇਥੋਂ ਤੱਕ ਕਿ ਏਮਜ਼ ਦਾ ਨਕਸ਼ਾ ਵੀ ਨਗਰ ਨਿਗਮ ਨੇ ਢੇਡ ਸਾਲ ਬਾਅਦ ਪਾਸ ਕੀਤਾ।
ਜੂਨ 2020 ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
 

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਰਿਫ਼ਾਰਸ਼ਾਂ ਤੇ ਵਿਚਾਰ ਕਰਨ ਲਈ ਵਿਧਾਨ ਸਭਾ ਦੀ ਸੱਦੀ ਜਾਵੇ ਵਿਸ਼ੇਸ਼ ਬੈਠਕ।

ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਅੱਜ ਇੱਕ ਬਿਆਨ ਰਾਹੀਂ ਜਸਟਿਸ ਸ੍ਰੀ ਰਣਜੀਤ ਸਿੰਘ ਜੀ ਵੱਲੋਂ ਜਾਰੀ ਕੀਤੀ ਰਿਪੋਰਟ ਤੇ ਬਹਿਸ ਅਤੇ ਲੋੜੀਂਦੇ ਫੈਸਲੇ ਲੈਣ ਲਈ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਮੰਗ ਕੀਤੀ ਤਾਂ ਜੋ ਇਸ ਘਿਨੋਣੇ ਕਾਂਡ ਦੇ ਦੋਸ਼ੀਆਂ ਅਤੇ ਸ਼ਾਂਤੀਪੂਰਵਕ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ ਤੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਦੋਸ਼ੀ ਪੁਲਸ ਅਫ਼ਸਰਾਂ ਵਿਰੁੱਧ ਵੀ, ਸਖਤ ਕਾਰਵਾਈ ਕਰਨ ਬਾਰੇ ਫੈਸਲਾ ਕੀਤਾ ਜਾ ਸਕੇ।

  ਇੱਥੇ ਵਰਣਨਯੋਗ ਹੈ ਕਿ ਅੱਜ ਤੋਂ ਕਰੀਬ ਤਿੰਨ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਇਕ ਤਾਕਤਵਰ ਲੋਕ ਰੋਹ ਨੇ ਜਨਮ ਲਿਆ ਸੀ ਜੋ ਅਕਾਲੀ-ਭਾਜਪਾ ਸਰਕਾਰ ਦੀ ਢਿੱਲ-ਮੁਠ ਤੇ ਨਾ ਅਹਿਲੀਅਤ ਸਦਕਾ ਕਿਸੇ ਨਾ ਕਿਸੇ ਰੂਪ ਵਿਚ ਅਜ੍ਹੇ ਤੱਕ ਜਾਰੀ ਹੈ।ਕੈਪਟਨ ਸਰਕਾਰ ਵੱਲੋਂ ਜਸਟਿਸ ਸ੍ਰੀ ਰਣਜੀਤ ਸਿੰਘ ਦੀ ਅਗਵਾਈ ਵਿਚ ਬਣਾਈ ਕਮੇਟੀ ਵੱਲੋਂ, ਸਿੱਖ ਧਰਮ ਦੇ ਪੈਰੋਕਾਰਾਂ ਦੇ ਹਿਰਦੇ ਵਲੂੰਧਰਣ ਵਾਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਅਤੇ ਰੋਸ ਪ੍ਰਗਟ ਕਰ ਰਹੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪੁਲਸ ਅਫ਼ਸਰਾਂ ਦੀ ਨਿਸ਼ਾਨਦੇਹੀ ਦੇ ਬਾਵਜੂਦ, ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਕੇ ਕੈਪਟਨ ਸਰਕਾਰ ਦੀ ਮਨਸਾ ਉੱਤੇ ਵੀ ਸਵਾਲ ਉਠਣੇ ਲਾਜ਼ਮੀ ਹਨ।
 ਡਾ. ਗਾਂਧੀ ਨੇ ਕਿਹਾ ਕਿ ਇਸ ਅਤਿਸੰਵੇਦਨਸ਼ੀਲ ਮਸਲੇ ਨੂੰ ਸਹੀ ਅੰਜ਼ਾਮ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ, ਇਹ ਰਿਪੋਰਟ ਲੋਕਾਂ ਦੀ ਕਚਿਹਰੀ ਵਿਚ ਰੱਖੇ ਅਤੇ ਗੇਂਦ ਸੀ.ਬੀ.ਆਈ. ਪਾਲੇ ਵਿਚ ਸੁੱਟਣ ਦੀ ਬਜਾਏ ਜਸਟਿਸ ਸ੍ਰੀ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਦੋਸ਼ੀਆਂ ਨੂੰ ਫੋਰੀ ਗ੍ਰਿਫ਼ਤਾਰ ਕਰਕੇ ਬਣਦੀ ਸਜਾ ਦਿੱਤੀ ਜਾਵੇ।

ਪੰਜਾਬ ‘ਚ ਸਰਕਾਰ ਵੱਲੋਂ ਝੋਨਾ ਲਾਉਣ ਦੀ ਤਰੀਕ ਸਬੰਧੀ ਨੋਟੀਫ਼ਿਕੇਸ਼ਨ ਜਾਰੀ

ਪੰਜਾਬ ਸਰਕਾਰ ਵੱਲੋਂ ਝੋਨਾ ਲਾਉਣ ਦੀ ਤਰੀਕ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਪਨੀਰੀ ਬੀਜਣ ਦੀ ਤਰੀਕ 20 ਮਈ ਤੇ ਝੋਨਾ ਲਗਾਉਣ ਦੀ 20 ਜੂਨ ਤਹਿ ਕੀਤੀ ਹੈ।

ਪਿੰਡ ਭੋਏ ਵਾਲ ਵਾਸੀ ਮਨਜਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਸੰਸਕਾਰ।

ਭਾਰਤੀ ਕਾਮਿਆਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ ਹਰ ਪਰਿਵਾਰ ਨੂੰ ਇਕ ਕਰੋੜ ਰੁਪੈ ਮੁਆਵਜ਼ਾ ਦੇਵੇ ਸਰਕਾਰ : ਮਜੀਠੀਆ

ਮੱਤੇਵਾਲ 2 ਅਪ੍ਰੈਲ - ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਇਰਾਕ ਵਿਖੇ ਆਈ ਐੱਸ ਆਈ ਐੱਸ ਵੱਲੋਂ ਮਾਰੇ ਗਏ 38 ਭਾਰਤੀ ਕਾਮਿਆਂ ਦੇ ਪਰਿਵਾਰਕ ਵਾਰਸਾਂ ਲਈ ਪਾਕਿਸਤਾਨ 'ਚ ਮਾਰੇ ਗਏ ਭਿੱਖੀਵਿੰਡ ਵਾਸੀ ਸਰਬਜੀਤ ਸਿੰਘ ਦੇ ਪਰਿਵਾਰ ਨੂੰ ਦਿਤੈ ਗਏ ਮੁਆਵਜ਼ੇ ਦੀ ਤਰਜ਼ 'ਤੇ ਸਪੈਸ਼ਲ ਕੇਸ ਵਜੋਂ ਢੁਕਵੀਂ ਤੇ ਚੰਗੇ ਰੁਤਬੇ ਵਾਲੀ ਸਰਕਾਰੀ ਨੌਕਰੀ ਅਤੇ ਹਰ ਪਰਿਵਾਰ ਨੂੰ ਇਕ ਕਰੋੜ ਰੁਪੈ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਇਰਾਕ 'ਚ ਮਾਰੇ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੋਏ ਵਾਲ ਵਾਸੀ ਮਨਜਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸੰਸਕਾਰ ਕਰਦਿਆਂ ਨਮ ਅਖਾਂ ਨਾਲ ਅੰਤਿਮ ਵਿਦਾਈ ਦਿਤੀ ਗਈ। ਇਸ ਮੌਕੇ ਨੇ ਮ੍ਰਿਤਕ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਸ: ਮਜੀਠੀਆ ਨੇ ਇਸ ਨੂੰ ਪਰਿਵਾਰਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿਤਾ। ਉਨ੍ਹਾਂ ਦਸਿਆ ਕਿ ਉਕਤ ਮੁੱਦੇ ਨੂੰ ਅਕਾਲੀ ਦਲ ਵੱਲੋਂ 2014 ਦੌਰਾਨ ਘਟਨਾ ਦੇ ਤੁਰੰਤ ਬਾਅਦ ਪਹਿਲ ਦੇ ਅਧਾਰ 'ਤੇ ਉਠਾਇਆ ਗਿਆ। ਪੀੜਤ ਪਰਿਵਾਰਾਂ ਨੂੰ ਬਾਦਲ ਸਰਕਾਰ ਵਲੋਂ 20 ਹਜਾਰ ਮਹੀਨਾ ਤੋਂ ਇਲਾਵਾ ਦਿਲੀ ਕਮੇਟੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਰਾਹੀਂ ਹਰ ਸੰਭਵ ਮਾਲੀ ਮਦਦ ਦਿਤੀ ਗਈ। ਉਨ੍ਹਾਂ ਮ੍ਰਿਤਕ ਮਨਜਿੰਦਰ ਸਿੰਘ ਦੀ ਭੈਣ ਬੀਬਾ ਗੁਰਪਿੰਦਰ ਕੌਰ ਵੱਲੋਂ ਨਿਭਾਏ ਗਏ ਰੋਲ ਅਤੇ ਮਿਹਨਤ ਨੂੰ ਸਲਾਹਿਆ। ਉਹਨਾਂ ਪੀੜਤ ਪਰਿਵਾਰਾਂ ਵਲੋਂ 4 ਸਾਲ ਹੰਢਾਈ ਗਈ ਅਸਹਿ ਪੀੜਾ ਦੇ ਮੁਕਾਬਲੇ  ਪੰਜਾਬ ਸਰਕਾਰ ਵਲੋਂ ਐਲਾਨੀ ਮੁਆਵਜਾ ਰਾਸ਼ੀ ਨੂੰ ਨਾਕਾਫੀ ਦਸਦਿਆਂ ਪੀੜਤ ਪਰਿਵਾਰਾਂ ਨੁੰ  ਸੰਤੁਸ਼ਟ ਕਰਨ ਨਹੀ ਕਿਹਾ।
 

ਆਨਲਾਈਨ ਬਦਲੇ ਜਾਣਗੇ ਸਰਕਾਰੀ ਸਕੂਲਾਂ ਦੇ ਅਧਿਆਪਕ

ਪੰਜਾਬ ਵਜ਼ਾਰਤ ਨੇ ਅਧਿਆਪਕਾਂ ਦੀ ਰੈਸ਼ਨੇਲਾਈਜ਼ੇਸ਼ਨ ,ਆਨਲਾਈਨ ਬਦਲੀਆਂ ਦੀ ਨੀਤੀ, ਲੋਕਾਂ ਨੂੰ ਸਸਤੇ ਭਾਅ ’ਤੇ ਮਕਾਨ ਦੇਣ ਸਮੇਤ ਕਈ ਹੋਰ ਫੈਸਲਿਆਂ ’ਤੇ ਮੋਹਰ ਲਾ ਦਿੱਤੀ ਹੈ।ਜੇ ਸਕੂਲ ਵਿੱਚ ਅਧਿਆਪਕ ਵਾਧੂ ਹਨ ਤਾਂ ਸਕੂਲ ਵਿੱਚ ਸਭ ਤੋਂ ਵੱਧ ਠਹਿਰ ਵਾਲੇ ਅਧਿਆਪਕ ਨੂੰ ਸਾਂਝੇ ਪੂਰ ਵਿੱਚ ਬਦਲਿਆ ਜਾਵੇਗਾ ਅਤੇ ਸਾਰੀਆਂ ਅਸਾਮੀਆਂ ਨੂੰ ਨਿਰਧਾਰਤ ਕਰਕੇ ਵੈੱਬਸਾਈਟ ’ਤੇ ਪਾ ਦਿੱਤਾ ਜਾਵੇਗਾ। ਆਮ ਬਦਲੀਆਂ ਸਾਲ ਵਿੱਚ ਸਿਰਫ ਇਕ ਵਾਰ ਕੀਤੀਆਂ ਜਾਣਗੀਆਂ ਅਤੇ ਸੰਭਾਵਤ ਖਾਲੀ ਅਸਾਮੀਆਂ ਲਈ ਨੋਟੀਫਿਕੇਸ਼ਨ ਹਰੇਕ ਸਾਲ 15 ਜਨਵਰੀ ਤੱਕ ਵੈੱਬਸਾਈਟ ’ਤੇ ਮੁਹੱਈਆ ਕੀਤਾ ਜਾਇਆ ਕਰੇਗਾ। ਯੋਗਤਾ ਰੱਖਣ ਵਾਲੇ ਅਧਿਆਪਕ 15 ਜਨਵਰੀ ਤੋਂ 15 ਫਰਵਰੀ ਤੱਕ ਬਦਲੀ ਲਈ ਆਪਣੀ ਇੱਛਾ ਆਨਲਾਈਨ ਦਰਜ ਕਰਾਉਣਗੇ। ਤਬਾਦਲਿਆਂ ਦੇ ਹੁਕਮ ਮਾਰਚ ਮਹੀਨੇ ਦੇ ਆਖਰੀ ਹਫਤੇ ਜਾਰੀ ਹੋਣਗੇ । ਅਧਿਆਪਕ ਦੇ ਇਕੋ ਜਗ੍ਹਾ ਸੱਤ ਸਾਲ ਪੂਰੇ ਹੋਣ ’ਤੇ ਉਸ ਦੀ ਬਦਲੀ ਲਾਜ਼ਮੀ ਹੋਵੇਗੀ ਅਤੇ ਕੋਈ ਵੀ ਅਧਿਆਪਕ ਤਿੰਨ ਸਾਲ ਤੋਂ ਪਹਿਲਾਂ ਬਦਲੀ ਲਈ ਅਰਜ਼ੀ ਨਹੀਂ ਦੇ ਸਕੇਗਾ।
ਲੜਕੀਆਂ ਦੇ ਸਕੂਲ ਵਿੱਚ 50 ਸਾਲ ਤੋਂ ਵੱਧ ਉਮਰ ਵਾਲੇ ਪੁਰਸ਼ ਅਧਿਆਪਕਾਂ ਨੂੰ ਤਾਇਨਾਤ ਕਰਨ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਜਾਵੇ ।
 

ਨਵਜੋਤ ਸਿੰਘ ਸਿੱਧੂ ਨੇ ਬੀ.ਐਸ.ਐਫ ਦੇ ਜਵਾਨਾਂ ਨਾਲ ਮਨਾਈ ਹੋਲੀ

ਅੰਮ੍ਰਿਤਸਰ, 2 ਮਾਰਚ ( ਸੁਖਜਿੰਦਰ ਸਿੰਘ/ ਰਾਮ ਸਰਨਜੀਤ ਸਿੰਘ)-ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ ਨਵਜੋਤ ਸਿੰਘ ਸਿੱਧੂ ਨੇ ਅੱਜ ਬੀ ਐਸ ਐਫ ਦੇ ਜਵਾਨ ਨਾਲ ਖਾਸੇ ਵਿਖੇ ਪਹੁੰਚ ਕੇ ਹੋਲੀ ਦਾ ਤਿਉਹਾਰ ਪੂਰੇ ਜੋਸ਼ ਨਾਲ ਮਨਾਇਆ। ਸ ਸਿੱਧੂ ਨੇ ਬੀ ਐਸ ਐਫ ਦੇ ਜਵਾਨਾਂ 'ਤੇ ਗੁਲਾਲ ਪਾਇਆ ਅਤੇ ਗੀਤਾਂ 'ਤੇ ਭੰਗੜਾ ਪਾ ਕੇ ਹੋਲੀ ਦਾ ਤਿਉਹਾਰ ਮਨਾਇਆ। ਬੀ ਐਸ ਐਫ ਦੇ ਜਵਾਨਾਂ ਨੇ ਵੀ ਪੂਰੇ ਉਤਸ਼ਾਹ ਨਾਲ ਸ। ਨਵਜੋਤ ਸਿੰਘ ਸਿੱਧੂ ਦਾ ਹੋਲੀ ਵਿਚ ਸਾਥ ਦਿੱਤਾ ਅਤੇ ਖੁੱਲ ਕੇ ਹੋਲੀ ਖੇਡੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ। ਸਿੱਧੂ ਨੇ ਕਿਹਾ ਕਿ ਜਦੋਂ ਦੇਸ਼ ਵਾਸੀ ਆਪਣੇ ਘਰਾਂ ਵਿਚ ਅਰਾਮ ਨਾਲ ਸੌਂ ਰਹੇ ਹੁੰਦੇ ਹਨ ਤਾਂ ਇਹ ਜਵਾਨ ਸਰਹੱਦ 'ਤੇ ਪਹਿਰਾ ਦੇ ਰਹੇ ਹੁੰਦੇ ਹਨ। ਤਿਉਹਾਰਾਂ ਦੇ ਦਿਨਾਂ ਵਿਚ ਵੀ ਇਹ ਸਾਡੇ ਅਮਨ-ਚੈਨ ਵਾਸਤੇ ਸਰਹੱਦਾਂ 'ਤੇ ਡਟੇ ਰਹਿੰਦੇ ਹਨ ਅਤੇ ਅੱਜ ਇਸ ਪਰਿਵਾਰ ਨਾਲ ਹੋਲੀ ਦੀ ਖੁਸ਼ੀ ਸਾਂਝੀ ਕਰਨ ਵਾਸਤੇ ਮੈਂ ਇੰਨਾਂ ਜਵਾਨਾਂ ਕੋਲ ਆਇਆ ਹਾਂ। ਉਨਾਂ ਕਿਹਾ ਕਿ ਅੱਜ ਇੰਨਾ ਜਵਾਨ ਨਾਲ ਹੋਲੀ ਮਨਾ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ।
 

ਰੰਗ ਪਾਉਣ ਦੇ ਚੱਕਰ ‘ਚ ਹੋਈ ਲੜਾਈ : ਪੁਲਿਸ ਮੁਲਾਜ਼ਮ ਦਾ ਪਾੜਿਆ ਸਿਰ

ਬਟਾਲਾ ਦੇ ਪੁਲੀਸ ਕੁਆਰਟਰਾਂ ਕੋਲ ਆਮ ਲੋਕਾਂ ਵੱਲੋਂ ਹੋਲੀ ਖੇਡਣ ਮੌਕੇ ਇੱਕ ਦੂਸਰੇ ’ਤੇ ਰੰਗ ਪਾਉਣ ਦੌਰਾਨ ਇੱਕ ਬੱਚੇ ਨੇ ਰੰਗ ਵਾਲਾ ਗੁਬਾਰਾ ਇੱਕ ਪੁਲੀਸ ਮੁਲਾਜ਼ਮ ਕਸ਼ਮੀਰ ਸਿੰਘ ਦੇ ਮਾਰ ਦਿੱਤਾ। ਜਦੋਂ ਮੁਲਾਜ਼ਮ  ਬੱਚੇ ਨੂੰ ਅਜਿਹਾ ਕਰਨ ਤੋਂ ਰੋਕਣ ਗਿਆ ਤਾਂ,ਉਥੇ ਖੜ੍ਹੇ ਨੌਜਵਾਨਾਂ ਨਾਲ ਬਹਿਸ ਸ਼ੁਰੂ ਹੋ ਗਈ। ਜੋ ਦੇਖਦੇ ਦੇਖਦੇ ਲੜਾਈ ਦਾ ਰੂਪ ਧਾਰਨ ਕਰ ਗਈ। ਇਸੇ ਦੌਰਾਨ ਦੋਵਾਂ ਨੇ ਇੱਕ ਦੂਸਰੇ ’ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹੌਲਦਾਰ ਕਸ਼ਮੀਰ ਸਿੰਘ ਨੇ ਕਿਹਾ ਕਿ ਇਸ ਦੌਰਾਨ ਨੌਜਵਾਨਾਂ ਦੀ ਟੋਲੀ ਮੇਰੇ ਬੇਹੋਸ਼ ਹੋਣ ਉਪਰੰਤ ਮੇਰੀ ਗੰਨ ਖੋਹ ਕੇ ਲੈ ਗਈ। ਮੁਲਾਜ਼ਮ ਨੂੰ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਨੌਜਵਾਨ ਕਲਿਆਣ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।

ਸਾਬਕਾ ਕੈਬਿਨਟ ਮੰਤਰੀ ਸਰਦੂਲ ਸਿੰਘ ਬੰਡਾਲਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਅੰਮ੍ਰਿਤਸਰ/ਜੰਡਿਆਲਾ ਗੁਰੂ  1 ਮਾਰਚ (ਸੁਖਜਿੰਦਰ ਸਿੰਘ /ਰਾਮ ਸ਼ਰਨਜੀਤ ਸਿੰਘ  )-ਸਾਬਕਾ ਕੈਬਨਿਟ ਮੰਤਰੀ ਸ। ਸਰਦੂਲ ਸਿੰਘ ਬੰਡਾਲਾ, ਜੋ ਕਿ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਪਿਤਾ ਸਨ, ਬੀਤੇ ਦਿਨੀਂ ਸੰਖੇਪ ਬਿਮਾਰੀ ਮਗਰੋਂ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸੰਸਕਾਰ ਉਨਾਂ ਦੇ ਜ਼ੱਦੀ ਪਿੰਡ ਬੰਡਾਲਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਮ੍ਰਿਤਕ ਦੇਹ 'ਤੇ ਫੁੱਲ ਮਾਲਵਾਂ ਚੜਾ ਕੇ ਸ਼ਰਧਾਂਜਲੀ ਪ੍ਰਗਟ ਕੀਤੀ।
ਐਸਕਾਰਟ ਹਸਪਤਾਲ ਤੋਂ ਮ੍ਰਿਤਕ ਦੇਹ ਨੂੰ ਉਨਾਂ ਦੇ ਅੰਮ੍ਰਿਤਸਰ ਸਥਿਤ ਘਰ ਲਿਆਂਦਾ ਗਿਆ, ਜਿਥੇ ਅੰਤਿਮ ਰਸਮਾਂ ਪੂਰੀਆਂ ਕਰਕੇ ਕਾਫਲੇ ਦੇ ਰੂਪ ਵਿਚ ਜ਼ੱਦੀ ਪਿੰਡ ਬੰਡਾਲੇ ਨੂੰ ਰਵਾਨਾ ਕੀਤਾ ਗਿਆ। ਇਸ ਮਗਰੋਂ ਬੰਡਾਲਾ ਦੇ ਸਮਸ਼ਾਨ ਘਾਟ ਵਿਚ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ। ਇਸ ਉਪਰੰਤ ਮ੍ਰਿਤਕ ਦੇਹ ਨੂੰ ਅਗਨੀ ਉਨਾਂ ਦੇ ਵੱਡੇ ਬੇਟੇ ਤਜਿੰਦਰ ਸਿੰਘ ਲਾਡੀ ਨੇ ਵਿਖਾਈ। ਇਸ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਲੋਕ ਵਿਛੜੇ ਨੇਤਾ ਨੂੰ ਸ਼ਰਧਾ ਦੇਣ ਲਈ ਇਕੱਤਰ ਹੋਏ।

 

ਭਰਾ ਦਾ ਹੋਇਆ ਕਤਲ, ਭੈਣ ਇਨਸਾਫ ਲਈ ਭੁੱਖ ਹੜਤਾਲ ਤੇ

ਇਕ ਭੈਣ ਨੇ ਭਰਾ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਬਟਾਲਾ ਪੁਲੀਸ ’ਤੇ ਦੋਸ਼ ਲਗਾਉਂਦਿਆਂ ਐਸਐਸਪੀ ਦਫ਼ਤਰ ਸਾਹਮਣੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਰਵਿੰਦਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਮਨਮੋਹਨਜੀਤ ਸਿੰਘ ਉਰਫ਼ ਲੱਕੀ ਰੰਧਾਵਾ, ਜਿਸ ਦਾ ਪਿਛਲੇ ਸਾਲ 25 ਅਕਤੂਬਰ ਨੂੰ ਬਟਾਲਾ ਦੇ ਭੀੜ ਵਾਲੇ ਬਾਜ਼ਾਰ ਪਾਂਧਿਆਂ ਚੌਂਕ ’ਚ ਕਤਲ ਕਰ ਦਿੱਤਾ ਗਿਆ ਸੀ, ਕਈ ਮਹੀਨੇ ਲੰਘ ਜਾਣ ’ਤੇ ਪੁਲੀਸ ਨੇ ਦੋਸ਼ੀ ਨੂੰ ਕਾਬੂ ਨਹੀਂ ਕੀਤਾ। ਪੁਲੀਸ ਨੇ ਇਸ ਮਾਮਲੇ ਵਿੱਚ 6 ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਜਿਨ੍ਹਾਂ ’ਚ 2 ਦੀ ਪਛਾਣ ਹੋ ਚੁੱਕੀ ਹੈ,ਪਰ ਪੁਲੀਸ ਨੇ ਹਾਲੇ ਤੱਕ ਕਿਸੇ ਨੂੰ ਵੀ ਕਾਬੂ ਨਹੀਂ ਕੀਤਾ।

ਪੰਜਾਬ ਵਿੱਚ ਝੋਨਾ 25 ਜੂਨ ਤੋਂ ਲਗਾਉਣ ਦਾ ਸੁਝਾਅ

ਪਾਣੀ ਦਾ ਪੱਧਰ ਲਗਾਤਾਰ ਘੱਟਣ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ  ਨੇ ਪੰਜਾਬ ਅੰਦਰ ਝੋਨੇ ਦੀ ਲੁਆਈ 25 ਜੂਨ ਤੋਂ ਸ਼ੁਰੂ ਕਰਨ ਦਾ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਹੈ। ਬੋਰਡ ਦਾ ਕਹਿਣਾ ਹੈ ਕਿ ਜੇਕਰ ਇਸ ਸਮੇਂ ਤੋਂ ਪਹਿਲਾਂ ਕਿਸਾਨ ਝੋਨਾ ਲਾਉਂਦੇ ਹਨ ਤਾਂ ਇਸ ਨਾਲ ਧਰਤੀ ’ਤੇ ਵਾਧੂ ਬੋਝ ਪਵੇਗਾ ਅਤੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਖਪਤ ਵੀ ਵੱਧ ਹੋਵੇਗੀ। ਬੋਰਡ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਸਬੰਧੀ ਐਕਟ-2009 ’ਚ ਸੋਧ ਕਰਕੇ ਸੂਬੇ ਅੰਦਰ ਝੋਨੇ ਦੀ ਲੁਆਈ ਦੀ ਅਧਿਕਾਰਤ ਤਾਰੀਕ 25 ਜੂਨ ਤੈਅ ਕਰੇ, ਜੋ ਕਿ ਪਹਿਲਾਂ 15 ਜੂਨ ਹੈ।
ਪੀਪੀਸੀਬੀ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਜਾਰੀ ਅਧਿਕਾਰਤ ਪੱਤਰ ’ਚ ਕਿਹਾ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੇਸ਼ ਕੀਤੀਆਂ ਝੋਨੇ ਦੀਆਂ ਨਵੀਆਂ ਨਸਲਾਂ, ਜੋ ਝੋਨੇ ਦੀ ਆਮ ਨਸਲ ਤੋਂ 20 ਦਿਨ ਪਹਿਲਾਂ ਪੱਕ ਜਾਂਦੀਆਂ ਹਨ, ਦੀ ਲੁਆਈ ਵੀ ਜੇਕਰ 10 ਦਿਨ ਪੱਛੜ ਜਾਵੇ ਤਾਂ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੈ।

Copyright © 2012 Calgary Indians All rights reserved. Terms & Conditions Privacy Policy