Life Style

ਕਿਵੇਂ ਕਰੀਏ ਜੁੱਤੀਆਂ-ਚੱਪਲਾਂ ਦੀ ਚੋਣ?

January 21, 2014 12:52 AM

• ਜੁੱਤੀਆਂ-ਚੱਪਲਾਂ ਖਰੀਦਣ ਵੇਲੇ ਉਨ੍ਹਾਂ ਦੀ ਖੂਬਸੂਰਤੀ ਦਾ ਧਿਆਨ ਰੱਖੋ, ਤਾਂ ਕਿ ਪਹਿਨਣ 'ਤੇ ਸ਼ਖ਼ਸੀਅਤ ਨਾਲ ਮੇਲ ਖਾਂਦੇ ਲੱਗਣ | ਜੁੱਤੀਆਂ-ਚੱਪਲਾਂ ਸਿਰਫ ਪੈਰਾਂ ਨੂੰ ਆਰਾਮ ਹੀ ਨਹੀਂ ਦਿੰਦੀਆਂ, ਬਲਕਿ ਪਹਿਨਣ ਵਾਲੇ ਵਿਅਕਤੀ ਦੀ ਸ਼ਖ਼ਸੀਅਤ ਵਿਚ ਨਿਖਾਰ ਵੀ ਲਿਆਉਂਦੀਆਂ ਹਨ | ਜੇਕਰ ਇਹ ਸ਼ਖ਼ਸੀਅਤ ਦੇ ਅਨੁਸਾਰ ਅਤੇ ਸੁੰਦਰ ਹੁੰਦੇ ਹਨ ਤਾਂ ਤੁਹਾਡੀ ਪ੍ਰਤਿਸ਼ਠਾ ਵੀ ਵਧਦੀ ਹੈ | ਕਦੇ ਵੀ ਕਿਸੇ ਦਾ ਨਾਪ ਲਿਜਾ ਕੇ ਜੁੱਤੀਆਂ ਜਾਂ ਚੱਪਲਾਂ ਨਾ ਖਰੀਦੋ, ਕਿਉਂਕਿ ਨਾਪ ਨਾਲ ਖਰੀਦੀਆਂ ਗਈਆਂ ਜੁੱਤੀਆਂ-ਚੱਪਲਾਂ ਅਕਸਰ ਸਹੀ ਨਹੀਂ ਹੁੰਦੀਆਂ | ਕਦੇ ਪੰਜਾ ਕੱਸਿਆ ਰਹਿੰਦਾ ਹੈ ਅਤੇ ਕਦੇ ਢਿੱਲਾ ਜਾਂ ਫਿਰ ਕਦੇ ਪੈਰਾਂ ਦੇ ਆਕਾਰ 'ਤੇ ਸੁੰਦਰ ਨਹੀਂ ਲਗਦੇ | 
• ਜੁੱਤੀਆਂ-ਚੱਪਲਾਂ ਚੰਗੀਆਂ ਭਰੋਸੇਯੋਗ ਦੁਕਾਨਾਂ ਤੋਂ ਹੀ ਖਰੀਦੋ | ਖਰੀਦਣ ਵੇਲੇ ਇਨ੍ਹਾਂ ਦੀ ਮਜ਼ਬੂਤੀ ਦਾ ਧਿਆਨ ਰੱਖੋ | ਹਮੇਸ਼ਾ ਚੰਗੀ ਕੰਪਨੀ ਦੀਆਂ ਜੁੱਤੀਆਂ-ਚੱਪਲਾਂ ਖਰੀਦੋ | ਸਸਤੇ ਦੇ ਚੱਕਰ ਵਿਚ ਘਟੀਆ ਮਾਲ ਨਾ ਖਰੀਦੋ | ਚੰਗੀ ਕਿਸਮ ਦੀਆਂ ਜੁੱਤੀਆਂ-ਚੱਪਲਾਂ ਸਸਤੇ ਭਾਅ ਦੀਆਂ ਜੁੱਤੀਆਂ-ਚੱਪਲਾਂ ਦੇ ਮੁਕਾਬਲੇ ਵਧੇਰੇ ਸਮਾਂ ਚਲਦੀਆਂ ਹਨ | 
• ਇਹ ਖਰੀਦਣ ਸਮੇਂ ਪਹਿਨ ਕੇ ਨਹੀਂ, ਤੁਰ ਕੇ ਦੇਖ ਲਓ ਕਿ ਆਰਾਮ ਮਿਲ ਰਿਹਾ ਹੈ ਜਾਂ ਨਹੀਂ? ਤੰਗ ਜੁੱਤੀਆਂ-ਚੱਪਲਾਂ ਜਾਂ ਸੈਂਡਲ ਨਾ ਖਰੀਦੋ, ਕਿਉਂਕਿ ਇਨ੍ਹਾਂ ਨਾਲ ਪੈਰਾਂ ਨੂੰ ਤਕਲੀਫ ਹੁੰਦੀ ਹੈ, ਨਾਲ ਹੀ ਤੁਹਾਡਾ ਤੁਰਨ ਦਾ ਢੰਗ ਵੀ ਵਿਗੜ ਜਾਂਦਾ ਹੈ | ਕਿਸੇ ਵੀ ਜੁੱਤੀਆਂ-ਚੱਪਲਾਂ ਜਾਂ ਸੈਂਡਲਾਂ ਦੀ ਮਜ਼ਬੂਤੀ, ਸਜਾਵਟ ਅਤੇ ਸਾਫ ਕਰਨ ਦੀ ਵਿਧੀ ਆਦਿ ਦੇਖ-ਸਮਝ ਕੇ ਹੀ ਖਰੀਦੋ | 
• ਜੁੱਤੀਆਂ-ਚੱਪਲਾਂ ਜਾਂ ਸੈਂਡਲਾਂ ਦੀ ਚੋਣ, ਉਨ੍ਹਾਂ ਦੇ ਰੰਗ, ਸਜਾਵਟ, ਡਿਜ਼ਾਈਨ ਨੂੰ ਧਿਆਨ ਵਿਚ ਰੱਖ ਕੇ ਕਰੋ, ਤਾਂ ਕਿ ਪਹਿਨਣ 'ਤੇ ਤੁਹਾਡੀ ਸ਼ਖ਼ਸੀਅਤ ਖਿੜ ਉਠੇ | ਫੈਸ਼ਨ ਦੇ ਹਿਸਾਬ ਨਾਲ ਸੂਟ ਜਾਂ ਸਾੜ੍ਹੀਆਂ ਨਾਲ ਮੇਲ ਖਾਂਦੀਆਂ ਚੱਪਲਾਂ ਜਾਂ ਸੈਂਡਲ ਪਹਿਨਣਾ ਠੀਕ ਰਹਿੰਦਾ ਹੈ | ਧਿਆਨ ਰਹੇ, ਕਦੇ ਵੀ ਉੱਚੀ ਅੱਡੀ ਦੇ ਸੈਂਡਲ ਜਾਂ ਚੱਪਲਾਂ ਨਾ ਪਹਿਨੋ, ਕਿਉਂਕਿ ਇਸ ਨਾਲ ਕਮਰ ਦਰਦ ਹੋਣ ਦੀ ਸੰਭਾਵਨਾ ਰਹਿੰਦੀ ਹੈ | ਪੈਰ ਫਿਸਲ ਜਾਣ 'ਤੇ ਪੈਰ ਵਿਚ ਮੋਚ ਵੀ ਆ ਸਕਦੀ ਹੈ | ਗਰਭਵਤੀ ਔਰਤਾਂ ਨੂੰ ਸਦਾ ਉੱਚੀ ਅੱਡੀ ਵਾਲੇ ਸੈਂਡਲ ਤੋਂ ਬਚਣਾ ਚਾਹੀਦਾ ਹੈ | ਜ਼ਿਆਦਾ ਦੂਰੀ ਤੈਅ ਕਰਦੇ ਸਮੇਂ ਜਾਂ ਜ਼ਿਆਦਾ ਪੈਦਲ ਚੱਲਣਾ ਪਵੇ ਤਾਂ ਉਥੇ ਉੱਚੀ ਅੱਡੀ ਵਾਲੀਆਂ ਚੱਪਲਾਂ ਨਾ ਪਹਿਨੋ, ਕਿਉਂਕਿ ਚੱਲਣ ਵਿਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਅਤੇ ਸਮਾਂ ਵੀ ਵਧੇਰੇ ਲਗਦਾ ਹੈ |
ਸਾਂਭ-ਸੰਭਾਲ : ਜੁੱਤੀਆਂ-ਚੱਪਲਾਂ ਜਾਂ ਸੈਂਡਲ ਭਾਵੇਂ ਕਿੰਨੇ ਵੀ ਮਹਿੰਗੇ ਖਰੀਦੇ ਜਾਣ, ਜੇਕਰ ਉਨ੍ਹਾਂ ਦੀ ਦੇਖਭਾਲ ਸਹੀ ਨਹੀਂ ਹੁੰਦੀ ਤਾਂ ਉਹ ਜਲਦੀ ਹੀ ਆਪਣੀ ਸੁੰਦਰਤਾ ਗੁਆ ਦਿੰਦੇ ਹਨ | ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਖਰੀਦੀਆਂ ਹੋਈਆਂ ਚੱਪਲਾਂ ਜਾਂ ਸੈਂਡਲ ਵਧੇਰੇ ਦਿਨਾਂ ਤੱਕ ਤੁਹਾਡਾ ਸਾਥ ਦੇਣ ਤਾਂ ਉਨ੍ਹਾਂ ਦੇ ਰੱਖ-ਰਖਾਅ ਵਿਚ ਪੂਰੀ ਸਾਵਧਾਨੀ ਵਰਤੋ | 
• ਜਿਨ੍ਹਾਂ ਸੈਂਡਲਾਂ ਜਾਂ ਚੱਪਲਾਂ ਨੂੰ ਤੁਸੀਂ ਵਰਤੋਂ ਵਿਚ ਨਹੀਂ ਲਿਆ ਰਹੇ, ਉਨ੍ਹਾਂ ਵਿਚ ਅਖ਼ਬਾਰ ਭਰ ਕੇ, ਅਖ਼ਬਾਰ ਵਿਚ ਹੀ ਲਪੇਟ ਕੇ ਰੱਖ ਦਿਓ, ਤਾਂ ਕਿ ਮਿੱਟੀ-ਘੱਟਾ ਨਾ ਪਵੇ | 
• ਰੰਗ-ਬਿਰੰਗੀਆਂ ਚੱਪਲਾਂ ਜਾਂ ਸੈਂਡਲਾਂ ਦੀ ਚਮਕ ਕਾਇਮ ਰੱਖਣ ਲਈ ਵਰਤਣ ਤੋਂ ਬਾਅਦ ਝਾੜ-ਪੂੰਝ ਕੇ ਪਾਲਿਸ਼ ਕਰੋ ਅਤੇ ਟਿਸ਼ੂ ਪੇਪਰ ਵਿਚ ਲਪੇਟ ਕੇ ਰੱਖੋ | ਇਨ੍ਹਾਂ 'ਤੇ ਜੇਕਰ ਕਿਸੇ ਤਰ੍ਹਾਂ ਦੇ ਦਾਗ-ਧੱਬੇ ਲੱਗ ਗਏ ਹੋਣ ਤਾਂ ਉਨ੍ਹਾਂ ਨੂੰ ਪੈਟਰੋਲ ਨਾਲ ਸਾਫ ਕਰੋ |
• ਜੇਕਰ ਜੁੱਤੀਆਂ ਚੱਪਲਾਂ ਜਾਂ ਸੈਂਡਲ ਨਵੇਂ ਹੋਣ 'ਤੇ ਲਗਦੇ ਹਨ ਤਾਂ ਉਨ੍ਹਾਂ ਦੇ ਅੰਦਰ ਮੋਮ ਰਗੜ ਦਿਓ | ਚਮੜੇ ਦੀਆਂ ਜੁੱਤੀਆਂ-ਚੱਪਲਾਂ ਦੀ ਥਾਂ ਸਰ੍ਹੋਂ ਦਾ ਤੇਲ ਵੀ ਲਾਇਆ ਜਾ ਸਕਦਾ ਹੈ | ਕਦੇ-ਕਦੇ ਸੈਂਡਲਾਂ ਜਾਂ ਚੱਪਲਾਂ ਦੇ ਟੁੱਟ ਜਾਣ 'ਤੇ ਉਨ੍ਹਾਂ ਨੂੰ ਟੁੱਟਿਆ ਹੋਇਆ ਨਾ ਛੱਡੋ, ਤੁਰੰਤ ਮੁਰੰਮਤ ਕਰਵਾ ਲਓ | ਕਈ ਦਿਨਾਂ ਤੱਕ ਟੁੱਟਾ ਪਿਆ ਰਹਿਣ 'ਤੇ ਉਨ੍ਹਾਂ ਦਾ ਆਕਾਰ ਵਿਗੜ ਜਾਵੇਗਾ |
• ਗਿੱਲੇ ਹੋ ਜਾਣ 'ਤੇ ਅੰਦਰ ਅਖਬਾਰ ਭਰ ਦਿਓ | ਅਜਿਹਾ ਹੋਣ ਨਾਲ ਉਹ ਜਲਦੀ ਸੁੱਕ ਜਾਂਦੇ ਹਨ | ਕਦੇ ਵੀ ਜੁੱਤੀਆਂ ਜਾਂ ਚੱਪਲਾਂ ਨੂੰ ਸੁਕਾਉਣ ਦੇ ਲਈ ਅੱਗ ਨੇੜੇ ਨਾ ਰੱਖੋ | ਇਸ ਨਾਲ ਚਮੜੇ ਵਿਚ ਦਰਾੜਾਂ ਪੈ ਜਾਂਦੀਆਂ ਹਨ |
• ਜੁੱਤੀਆਂ-ਚੱਪਲਾਂ ਅਤੇ ਸੈਂਡਲਾਂ ਨੂੰ ਬਰੁਸ਼ ਨਾਲ ਨਿਯਮਿਤ ਸਾਫ ਕਰੋ | ਕਦੇ ਵੀ ਚਿੱਕੜ ਆਦਿ ਨੂੰ ਖੁਰਚ ਕੇ ਸਾਫ ਨਾ ਕਰੋ | ਸੁੱਕ ਜਾਣ 'ਤੇ ਬੁਰਸ਼ ਨਾਲ ਹੀ ਝਾੜੋ ਜਾਂ ਗਿੱਲੇ ਕੱਪੜੇ ਨਾਲ ਥੋੜ੍ਹਾ ਜਿਹਾ ਸਾਬਣ ਲਗਾ ਕੇ ਸਾਫ ਕਰੋ | ਫਿਰ ਸੁੱਕ ਜਾਣ 'ਤੇ ਪੂੰਝ ਦਿਓ | ਪਾਲਿਸ਼ ਕਰਦੇ ਸਮੇਂ ਅੱਡੀ ਵੱਲ ਨੂੰ ਵੀ ਪਾਲਿਸ਼ ਕਰੋ | 
• ਜੁੱਤੀਆਂ-ਚੱਪਲਾਂ ਦੀਆਂ ਅੱਡੀਆਂ ਨੂੰ ਕਦੇ-ਕਦੇ ਸਰ੍ਹੋਂ ਦੇ ਤੇਲ ਵਿਚ ਭਿਉਂ ਦੇਣ ਨਾਲ ਉਨ੍ਹਾਂ ਵਿਚ ਮਜ਼ਬੂਤੀ ਆਉਂਦੀ ਹੈ |
ਸਾਵਧਾਨੀਆਂ : • ਜੁੱਤੀਆਂ-ਚੱਪਲਾਂ ਜਾਂ ਸੈਂਡਲਾਂ ਦੇ ਸਖਤ ਹੋ ਜਾਣ 'ਤੇ ਉਨ੍ਹਾਂ 'ਤੇ ਵੈਸਲੀਨ ਲਗਾ ਦਿਓ, ਉਹ ਨਰਮ ਹੋ ਜਾਣਗੇ |
• ਜੁੱਤੀਆਂ-ਚੱਪਲਾਂ ਜਾਂ ਸੈਂਡਲਾਂ ਵਿਚ ਚਮਕ ਲਿਆਉਣ ਲਈ ਨਿੰਬੂ ਦਾ ਰਸ ਲਗਾ ਕੇ ਧੁੱਪ ਵਿਚ ਸੁਕਾਓ ਅਤੇ ਬਾਅਦ ਵਿਚ ਪਾਲਿਸ਼ ਕਰੋ | • ਜੁੱਤੀਆਂ ਵਿਚ ਕਦੇ-ਕਦੇ ਥੋੜ੍ਹੀ ਜਿਹੀ ਗਲੈਸਰਿਨ ਲਗਾ ਦੇਣ ਨਾਲ ਉਹ ਵਧੇਰੇ ਸਮੇਂ ਤੱਕ ਚਲਦੀਆਂ ਹਨ | 
• ਪਾਣੀ ਨਾਲ ਆਕੜੀਆਂ ਜੁੱਤੀਆਂ 'ਤੇ ਮਿੱਟੀ ਦੇ ਤੇਲ ਵਿਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਲਗਾਉਣ ਨਾਲ ਉਹ ਨਰਮ ਹੋ ਜਾਂਦੇ ਹਨ |
• ਜੇਕਰ ਚਮੜੇ ਦੀਆਂ ਜੁੱਤੀਆਂ ਖਰਾਬ ਹੋ ਗਈਆਂ ਹਨ ਅਤੇ ਉਨ੍ਹਾਂ 'ਤੇ ਪਾਲਿਸ਼ ਨਹੀਂ ਚੜ੍ਹਦੀ ਤਾਂ ਪਹਿਲਾਂ ਕੱਚਾ ਆਲੂ ਰਗੜ ਕੇ ਸੁੱਕਣ ਦਿਓ, ਫਿਰ ਪਾਲਿਸ਼ ਕਰੋ ਤਾਂ ਚਮਕ ਉੱਠਣਗੇ | 
• ਜੇਕਰ ਪਾਲਿਸ਼ ਸੁੱਕ ਜਾਂਦੀ ਹੈ ਤਾਂ ਉਸ ਵਿਚ ਸਿਰਕੇ ਦੀਆਂ ਦੋ-ਚਾਰ ਬੰੂਦਾਂ ਪਾ ਦਿਓ, ਉਹ ਮੁੜ ਮੁਲਾਇਮ ਹੋ ਜਾਵੇਗੀ |

Have something to say? Post your comment
Copyright © 2012 Calgary Indians All rights reserved. Terms & Conditions Privacy Policy